ਕੋਸ਼ਕਾਰੀ ਭਾਗ

ਭਾਸ਼ਾ ਵਿਭਾਗ ਦਾ ਮੁੱਢ 1 ਜਨਵਰੀ 1948 ਨੂੰ ਸਿੱਖਿਆ ਵਿਭਾਗ ਦੇ ‘ਪੰਜਾਬੀ ਸੈਕਸ਼ਨ’ ਦੇ ਰੂਪ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਦੀ ਅਗਵਾਈ ਵਿੱਚ ਬੱਝਾ। ਸ. ਰਣਜੀਤ ਸਿੰਘ ਗਿੱਲ ਇਸ ਦੇ ਇੰਚਾਰਜ, ਗਿਆਨੀ ਲਾਲ ਸਿੰਘ ਸਹਾਇਕ ਅਫ਼ਸਰ ਸਨ। ਸਾਲ ਬਾਅਦ ਹੀ 1949 ਵਿਚ ਇਸ ਨੂੰ ਸ. ਗਿਆਨ ਸਿੰਘ ਰਾੜੇਵਾਲਾ ਪੂਰਬੀ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬੀ ਪ੍ਰਤੀ ਆਪਣਾ ਮੋਹ ਦਰਸਾਉਂਦੇ ਹੋਏ, ‘ਮਹਿਕਮਾ ਪੰਜਾਬੀ’ ਬਣਾ ਕੇ, ਇਸ ਦੇ ਪਹਿਲੇ ਡਾਇਰੈਕਟਰ ਪ੍ਰਿੰਸੀਪਲ ਤੇਜਾ ਸਿੰਘ ਨੂੰ ਨਿਯੁਕਤ ਕੀਤਾ ਗਿਆ। ਤਦ ਇਸ ਵਿਚ 13 ਕਰਮਚਾਰੀ/ਅਧਿਕਾਰੀ ਸਨ। ਇਸੇ ਸਾਲ ਪੰਜਾਬੀ ਦੇ 07 ਸਿਰਮੌਰ ਸ਼ਾਇਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਚੁਣੀਂਦਾ ਕਵਿਤਾਵਾਂ ਦਾ ਕਿਤਾਬਚਾ ‘ਰਤਨਮਾਲ਼ਾ’ ਛਾਪਿਆ ਜੋ ਭਾਸ਼ਾ ਵਿਭਾਗ ਦੀ ਪਹਿਲੀ ਕਿਤਾਬ ਹੈ। ਜਿਸ ਤਰ੍ਹਾਂ ‘ਸ਼ਬਦਮਾਲ਼ਾ’ ਸਾਫ਼ਟਵੇਅਰ ਕੋਸ਼ਕਾਰੀ ਭਾਗ ਦਾ ਪਹਿਲਾ ਆਨਲਾਈਨ ਲੈਕਸੀਕਨ ਹੈ।
‘ਮਹਿਕਮਾ ਪੰਜਾਬੀ’ (ਭਾਸ਼ਾ ਵਿਭਾਗ) ਨੇ ਪੈਪਸੂ ਸਰਕਾਰ ਦਾ ਪਹਿਲਾ ਬਜਟ 13 ਅਪ੍ਰੈਲ 1949 ਨੂੰ ਪੰਜਾਬੀ ਭਾਸ਼ਾ ਵਿਚ ਤਿਆਰ ਕੀਤਾ। ਇਸ ਬਜਟ ਦੀ ਤਿਆਰੀ ਦੌਰਾਨ ਹੀ ਉਪ-ਫਲ ਵਜੋਂ ਲਗਭਗ 650 ਸ਼ਬਦਾਂ ਦੀ ‘ਅੰਗਰੇਜ਼ੀ ਪੰਜਾਬੀ ਸੰਕੇਤਾਵਲੀ’ ਤਿਆਰ ਹੋਈ। ਇਹ ਭਾਸ਼ਾ ਵਿਭਾਗ ਦੀ ਪਹਿਲੀ ਸ਼ਬਦਾਵਲੀ ਹੈ। ਇਸ ਤੋਂ ਬਾਅਦ 1953 ਵਿਚ ‘ਕਾਨੂੰਨੀ ਸੰਕੇਤਾਵਲੀ’ ਪ੍ਰਕਾਸ਼ਿਤ ਹੋਈ। 1949 ਵਿਚ ਹੀ ‘ਹਿੰਦੀ ਪੰਜਾਬੀ ਕੋਸ਼’ ਅਤੇ ਦਾ ਕਾਰਜ ਸ਼ੁਰੂ ਕੀਤਾ ਗਿਆ। 1953 ਵਿਚ ‘ਹਿੰਦੀ ਪੰਜਾਬੀ ਕੋਸ਼’ ਦੇ ਰੂਪ ਵਿਚ ਭਾਸ਼ਾ ਵਿਭਾਗ ਦਾ ਪਹਿਲਾ ਵਡਅਕਾਰੀ ਕੋਸ਼ ਪ੍ਰਕਾਸ਼ਿਤ ਹੋਇਆ, ਮਹਿਜ਼ 04 ਸਾਲਾਂ ਦੇ ਸਮੇਂ ਵਿਚ ਹੀ ਤਿਆਰ ਕੀਤਾ ਗਿਆ ਸੀ। ਹਿੰਦੀ ਪੰਜਾਬੀ ਕੋਸ਼ਕਾਰੀ ਤੇ ਇਸ ਤੋਂ ਪਹਿਲਾ ਅਜਿਹਾ ਕੋਈ ਕੰਮ ਨਹੀਂ ਹੋਇਆ ਸੀ। ਵਿਦਵਾਨ ਡਾ. ਬਨਾਰਸੀ ਦਾਸ ਜੈਨ ਦੀ ਨਿਗਰਾਨੀ ਵਿਚ ‘ਪੰਜਾਬੀ ਪੰਜਾਬੀ ਕੋਸ਼’ ਦਾ ਕਾਰਜ ਵੀ 1949 ਵਿਚ ਹੀ ਸ਼ੁਰੂ ਹੋਇਆ ਸੀ ਅਤੇ 1955 ਵਿਚ ‘ਪੰਜਾਬੀ ਪੰਜਾਬੀ ਕੋਸ਼’ ਦੀ ਪਹਿਲੀ ਜਿਲਦ ਪ੍ਰਕਾਸ਼ਿਤ ਹੋਈ। 1960 ਵਿਚ ‘ਪੁਆਧੀ ਅਤੇ ਪੋਠੋਹਾਰੀ ਉਪਭਾਸ਼ਾਈ ਕੋਸ਼’ ਕੋਸ਼ਕਾਰੀ ਭਾਗ ਵੱਲੋਂ ਪ੍ਰਕਾਸ਼ਿਤ ਹੋਏ। ਇਸ ਦੇ ਨਾਲ ਹੀ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਨੂੰ ਇਕ ਜਿਲਦ ਵਿਚ ਪੁਨਰ-ਪ੍ਰਕਾਸ਼ਿਤ ਕੀਤਾ ਗਿਆ। ਪੁਨਰ-ਪ੍ਰਕਾਸ਼ਨਾ ਦੇ ਤਹਿਤ ਹੀ ਅੰਗਰੇਜ਼ਾਂ ਵੇਲੇ ਤਿਆਰ ਹੋਏ 5 ਕੋਸ਼ ‘ਡਿਕਸ਼ਨਰੀ ਆਫ਼ ਪੰਜਾਬੀ ਲੈਂਗੂਏਜ, ਦ ਪੰਜਾਬੀ ਡਿਕਸ਼ਨਰੀ, ਵੈਸਟਰਨ ਪੰਜਾਬੀ ਐਂਡ ਇੰਗਲਿਸ਼ ਡਿਕਸ਼ਨਰੀ, ਸ਼ਾਹਪੁਰ ਕਾਂਗੜੀ ਗਲਾਸਰੀ, ਮੁਲਤਾਨੀ ਗਲਾਸਰੀ’, ਨੂੰ 1961-1962 ਦੌਰਾਨ ਪ੍ਰਕਾਸ਼ਿਤ ਕੀਤਾ ਗਿਆ। ਇਸੇ ਦਹਾਕੇ ਦੌਰਾਨ 'ਹਿੰਦੂ ਮਿਥਿਹਾਸ ਕੋਸ਼' ਅਤੇ 'ਭਾਰਤੀ ਪ੍ਰਾਚੀਨ ਲਿਪੀ ਮਾਲਾ' ਨੂੰ ਅਨੁਵਾਦ ਕਰਕੇ ਛਾਪਿਆ ਗਿਆ। ਇਸੇ ਦਹਾਕੇ ਦੌਰਾਨ 05 ਹੋਰ ਵੱਡੇ ਕੋਸ਼ ਛਪੇ। 1971 ਤੋਂ 1980 ਤੱਕ ਪਿਛਲੇ ਕੋਸ਼ਾਂ ਦੀ ਸੋਧ ਅਤੇ ਪੁਨਰ-ਪ੍ਰਕਾਸ਼ਨਾ ਦੇ ਨਾਲ-ਨਾਲ 09 ਨਵੇਂ ਕੋਸ਼ ਤਿਆਰ ਕਰਕੇ ਪ੍ਰਕਾਸ਼ਿਤ ਕੀਤੇ ਗਏ। 1981 ਤੋਂ 1990 ਤੱਕ 05 ਨਵੇਂ ਕੋਸ਼ ਛਾਪੇ ਗਏ। 1991 ਤੋਂ 2000 ਤੱਕ ਕੋਸ਼ਕਾਰੀ ਭਾਗ ਦੁਆਰਾ 04 ਕੋਸ਼, 02 ਪੁਸਤਕਾਂ ਅਤੇ 01 ਸ਼ਬਦਾਵਲੀ ਪ੍ਰਕਾਸ਼ਿਤ ਕੀਤੇ ਗਏ। 2001 ਤੋਂ 2010 ਤੱਕ 02 ਸ਼ਬਦਾਵਲੀਆਂ 04 ਕੋਸ਼ ਅਤੇ 01 ਪੁਸਤਕ ਛਪੀ ਗਈ। 2011 ਤੋਂ ਹੁਣ ਤੱਕ ਪਿਛਲੇ ਕੋਸ਼ਾਂ ਦੀ ਸੁਧਾਈ ਅਤੇ ਵਾਧੇ ਦਾ ਕਾਰਜ ਦੇ ਨਾਲ-ਨਾਲ ਕੋਸ਼ਾਂ ਨੂੰ ਪੁਨਰ-ਪ੍ਰਕਾਸ਼ਿਤ ਕੀਤਾ ਗਿਆ ਹੈ। 2023-24 ਵਿਚ ‘ਪੰਜਾਬੀ ਮੁਹਾਵਰਾ ਕੋਸ਼’ ਸੋਧ ਅਤੇ ਵਾਧੇ ਉਪਰੰਤ ਅਤੇ ‘ਡੋਗਰੀ ਪੰਜਾਬੀ ਕੋਸ਼’ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ ਗਿਆ।