ਭਾਸ਼ਾ ਵਿਭਾਗ ਦੇ ਕੋਸ਼ਕਾਰੀ ਭਾਗ ਵਿੱਚ 'ਸ਼ਬਦਮਾਲ਼ਾ' ਪ੍ਰਾਜੈਕਟ ਦੀ ਸ਼ੁਰੂਆਤ, ਸਾਬਕਾ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ (ਡਾ.) ਜੀ ਦੇ ਜ਼ੁਬਾਨੀ ਆਦੇਸ਼ਾਂ ਨਾਲ਼ 13 ਸਤੰਬਰ 2023 ਦੀ ਮੀਟਿੰਗ ਨਾਲ ਹੋਈ। ਇਸ ਤੋਂ ਬਾਅਦ ਕੋਸ਼ਕਾਰੀ ਭਾਗ ਦੇ ਕਰਮਚਾਰੀਆਂ/ਅਧਿਕਾਰੀਆਂ ਨੇ ਇਸ ਪ੍ਰਾਜੈਕਟ ਦੀ ਰੂਪ-ਰੇਖਾ ਉਲੀਕੀ ਅਤੇ ਕਾਰਜ ਆਰੰਭ ਕਰ ਦਿੱਤਾ। ਫਿਰ ਸੰਯੁਕਤ ਡਾਇਰੈਕਟਰ ਹਰਪ੍ਰੀਤ ਕੌਰ ਜੀ ਦੀ ਹੌਸਲਾ-ਅਫ਼ਜ਼ਾਈ ਰਹੀ। ਮੌਜੂਦਾ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਜੀ ਨੇ ਇਸ ਪ੍ਰਾਜੈਕਟ ਵਿਚ ਵਿਸ਼ੇਸ਼ ਦਿਲਚਸਪੀ ਲਈ ਅਤੇ ਇਸ ਦਾ ਮੁੱਢਲਾ ਰੂਪ ਛੇਤੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਸੋ, ਇੱਕ ਸਾਲ ਦੀ ਮਿਹਨਤ ਤੋਂ ਬਾਅਦ ਕੁਝ ਕੋਸ਼ਾਂ ਦੇ ਡਾਟਾ ਸਮੇਤ ‘ਸ਼ਬਦਮਾਲ਼ਾ’ ਆਨਲਾਈਨ ਸਾਫ਼ਟਵੇਅਰ ਦਾ ਮੁੱਢਲਾ ਰੂਪ ਵਰਤੋਂਕਾਰਾਂ ਦੇ ਸਨਮੁੱਖ ਹੈ।
ਇਸ ਪ੍ਰਾਜੈਕਟ ਤਹਿਤ ਹੁਣ ਤੱਕ 05 ਕੋਸ਼ਾਂ ‘ਡੋਗਰੀ ਪੰਜਾਬੀ ਕੋਸ਼, ਪੰਜਾਬੀ ਅਖਾਣ ਕੋਸ਼, ਪੰਜਾਬੀ ਮੁਹਾਵਰਾ ਕੋਸ਼, ਵਾਰਿਸ ਮੁਹਾਵਰਾ ਕੋਸ਼ ਅਤੇ ਪੰਜਾਬੀ ਪ੍ਰਮਾਣਿਕ ਕੋਸ਼’ ਦਾ ਡਾਟਾ ਉਪਲਬਧ ਹੈ। ਜਿਸ ਦੀ ਵਰਤੋਂ ਇਲੈਕਟ੍ਰੋਨਿਕ ਡਿਕਸ਼ਨਰੀ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ। ਪੰਜਾਬੀ ਪ੍ਰਮਾਣਿਕ ਕੋਸ਼ ਦੀ ਸੋਧ ਜਾਰੀ ਹੈ। ਇਨ੍ਹਾਂ ਕੋਸ਼ਾਂ ਦੇ ਲਗਭਗ 60,000 ਇੰਦਰਾਜ ਉਪਲਬਧ ਹਨ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇਸ ਉੱਪਰ ‘ਕਿੱਸਾ ਸੰਦਰਭ ਕੋਸ਼, ਅੰਗਰੇਜ਼ੀ ਪੰਜਾਬੀ ਮਿਡਲ ਕੋਸ਼’ ਆਦਿ ਵੀ ਉਪਲਬਧ ਕਰਵਾਏ ਜਾਣਗੇ।
ਸ਼ਾਇਰਾਂ, ਕਵੀਆਂ ਅਤੇ ਗੀਤਕਾਰਾਂ ਨੂੰ ਕਈ ਵਾਰ ਰਚਨਾਕਾਰੀ ਦੇ ਦੌਰਾਨ ਢੁਕਵਾਂ ਤੁਕਾਂਤ/ਕਾਫ਼ੀਆ ਨਹੀਂ ਸੁੱਝਦਾ ਇਨ੍ਹਾਂ ਦੀ ਸਮੱਸਿਆ ਹੱਲ ਕਰਨ ਦੇ ਲਈ ਉਲਟਕ੍ਰਮੀ ਕੋਸ਼ (Reverse Dictionary) ‘ਕਾਫ਼ੀਆ’ ਬਟਨ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ‘ਅੱਜ ਦਾ ਸ਼ਬਦ’ ਹਰ ਰੋਜ਼ ਪ੍ਰਦਰਸ਼ਿਤ ਹੋਵੇਗਾ।
ਇਹ ਪ੍ਰਾਜੈਕਟ ਸ੍ਰੀ ਆਲੋਕ ਚਾਵਲਾ, ਸਹਾਇਕ ਡਾਇਰੈਕਟਰ (ਕੋਸ਼ਕਾਰੀ) ਜੀ ਦੀ ਨਿਗਰਾਨੀ ਹੇਠ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿਚ ਸੰਪਾਦਕੀ ਦਾ ਕਾਰਜ ਸ. ਸਤਪਾਲ ਸਿੰਘ, ਖੋਜ ਅਫ਼ਸਰ (ਕੋਸ਼ਕਾਰੀ) ਨੇ ਕੀਤਾ ਹੈ ਅਤੇ ‘ਸ਼ਬਦਮਾਲ਼ਾ’ ਸਾਫ਼ਟਵੇਅਰ ਨੂੰ ਤਿਆਰ ਕਰਨ ਦਾ ਸਿਹਰਾ ਸ੍ਰੀ ਮਹੇਸ਼ਇੰਦਰ ਸਿੰਘ, ਖੋਜ ਸਹਾਇਕ ਨੂੰ ਜਾਂਦਾ ਹੈ। ਕੋਸ਼ਾਂ ਨੂੰ ਯੂਨੀਕੋਡ ਵਿੱਚ ਕਨਵਰਟ ਕਰਨ ਅਤੇ ਸੈਟਿੰਗ ਵਿਚ ਸ੍ਰੀਮਤੀ ਰਜਿੰਦਰ ਕੌਰ, ਸੀਨੀਅਰ ਸਹਾਇਕ, ਸ੍ਰੀ ਮਨਜੀਤ ਸਿੰਘ ਸਪਾਲ, ਸੀਨੀਅਰ ਸਹਾਇਕ, ਸ੍ਰੀਮਤੀ ਹਰਮਨਦੀਪ ਕੌਰ, ਜੂਨੀਅਰ ਸਹਾਇਕ, ਸ੍ਰੀ ਦੀਪਕ ਕੁਮਾਰ, ਕਲਰਕ, ਸ੍ਰੀ ਮਨਵੀਰ ਸਿੰਘ, ਕਾਪੀ ਹੋਲਡਰ ਅਤੇ ਮਿਸ. ਕਿਰਨਜੀਤ ਕੌਰ, ਜੂਨੀਅਰ-ਸਕੇਲ ਸਟੈਨੋਗ੍ਰਾਫ਼ਰ ਨੇ ਸਹਾਇਤਾ ਕੀਤੀ।
ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਸਮਰੱਥ ਬਣਾਇਆ ਜਾਵੇਗਾ। ਵਰਤੋਂਕਾਰਾਂ ਦੁਆਰਾ ਮਿਲੇ ਸੁਝਾਵਾਂ ਅਨੁਸਾਰ ਅਤੇ ਰਹਿ ਗਈਆਂ ਕਮੀਆਂ ਜਾਂ ਤਰੁੱਟੀਆਂ ਨੂੰ ਠੀਕ ਕਰਦੇ ਰਹਾਂਗੇ। ਸੁਝਾਅ ਅਤੇ ਟਿੱਪਣੀਆਂ ਕੋਸ਼ਕਾਰੀ ਭਾਗ ਦੀ ਈਮੇਲ kosh.langdeptpb@gmail.com 'ਤੇ ਭੇਜੀਆਂ ਜਾ ਸਕਦੀਆਂ ਹਨ।